ਅੰਮ੍ਰਿਤਸਰ (ਮੀਡੀਆ ਬਿਊਰੋ ) ਕੋਰੋਨਾ ਵਾਇਰਸ ਦੇ ਫੈਲਾਅ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਕੱਪੜੇ ਦੇ ਮਾਸਕ ਬਣਾਉਣ ਲਈ ਐਨ.ਆਰ.ਐਲ.ਐਮ. ਸਕੀਮ ਅਧੀਨ ਸੈਲਫ ਹੈਲਪ ਗਰੁੱਪਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਜਲਦੀ ਤੋਂ ਜਲਦੀ ਮਾਸਕ ਬਣਾ ਕੇ ਲੋੜਵੰਦ ਲੋਕਾਂ ਨੂੰ ਦਿੱਤੇ ਜਾ ਸਕਣ। ਉਨਾਂ ਕਿਹਾ ਕਿ ਇਸ ਦਾ ਮਕਸਦ ਨਾਗਰਿਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣਾ ਲਈ ਪ੍ਰਬੰਧ ਕਰਨਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਸ੍ਰੀਮਤੀ ਪਲਵੀ ਚੌਧਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਵੱਲੋਂ ਬਣਾਏ ਗਏ ਕੱਪੜੇ ਦੇ ਮਾਸਕ ਜ਼ਿਲਾ ਪ੍ਰਸ਼ਾਸਨ ਵੱਲੋਂ ਵਾਢੀ ਦੇ ਸੀਜਨ ਵਿੱਚ ਮੰਡੀਆਂ ਵਿੱਚ ਕਿਸਾਨਾਂ ਅਤੇ ਆੜਤੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਕੱਪੜੇ ਦੇ ਬਣੇ ਇਹ ਮਾਸਕ ਧੋਣ ਉਪਰੰਤ ਦੁਬਾਰਾ ਮੁੜ ਵਰਤੋਂ ਵਿੱਚ ਲਿਆਦੇ ਜਾ ਸਕਦੇ ਹਨ। ਸ੍ਰੀਮਤੀ ਪਲਵੀ ਚੌਧਰੀ ਨੇ ਕਿਹਾ ਕਿ ਅਸੀਂ ਆਪਣੇ ਇੰਨਾਂ ਗਰੁੱਪਾਂ ਰਾਹੀਂ ਮਾਸਕ ਬਣਾਉਣ ਦਾ ਕੰਮ ਲਗਾਤਾਰ ਜਾਰੀ ਰੱਖਾਂਗੇ ਤਾਂ ਜੋ ਜ਼ਿਲੇ ਦਾ ਕੋਈ ਵੀ ਲੋੜਵੰਦ ਮਾਸਕ ਤੋਂ ਬਿਨਾਂ ਨਾ ਰਹੇ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੂੰਹ ਉਤੇ ਮਾਸਕ ਲਗਾਉਣ ਤੋਂ ਬਿਨਾਂ ਘਰ ਤੋਂ ਬਾਹਰ ਨਾ ਨਿਕਲਣ, ਕਿਉਂਕਿ ਸਰਕਾਰ ਵੱਲੋਂ ਮਾਸਕ ਦੀ ਵਰਤੋਂ ਜ਼ਰੂਰੀ ਕਰ ਦਿੱਤਾ ਜਾ ਚੁੱਕਾ ਹੈ ਅਤੇ ਇਸਦੀ ਵਰਤੋਂ ਨਾ ਕਰਨ ਵਾਲਿਆਂ ਦਾ ਚਲਾਨ ਵੀ ਕੱਟਿਆ ਜਾ ਸਕਦਾ ਹੈ।