ਅੰਮ੍ਰਿਤਸਰ ਸ਼ਹਿਰ ਦੇ ਸ਼ੱਕੀ ਇਲਾਕਿਆਂ ਵਿਚੋਂ ਨਹੀਂ ਮਿਲਿਆ ਇਕ ਵੀ ਮਰੀਜ਼

42 ਟੀਮਾਂ ਨੇ ਤਿੰਨ ਦਿਨਾਂ ਵਿਚ ਇਲਾਕੇ ਦੇ 53865 ਵਿਅਕਤੀਆਂ ਦੀ ਸਿਹਤ ਜਾਂਚ ਕੀਤੀ

ਅੰਮ੍ਰਿਤਸਰ, (ਮੀਡੀਆ ਬਿਊਰੋ ) ਅੰਮ੍ਰਿਤਸਰ ਸ਼ਹਿਰ ਦੇ ‘ਹੌਟ ਸਪਾਟ’ ਸਮਝੇ ਜਾਂਦੇ ਇਲਾਕੇ (ਜਿਸ ਵਿਚ ਕੋਵਿਡ 19 ਕਾਰਨ ਅਕਾਲ ਚਲਾਣਾ ਕਰ ਗਏ ਭਾਈ ਨਿਰਮਲ ਸਿੰਘ ਖਾਲਸਾ ਅਤੇ ਕਾਰਪੋਰੇਸ਼ਨ ਦੇ ਸਾਬਕਾ ਐਸ. ਈ. ਜਸਵਿੰਦਰ ਸਿੰਘ ਦਾ ਘਰ ਹੈ) ਵਿਚ ਘਰ-ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤੀ ਗਈ ਸਕਰੀਨਿੰਗ ਦੌਰਾਨ ਇਕ ਵੀ ਕੋਵਿਡ-19 ਦਾ ਮਰੀਜ਼ ਨਹੀਂ ਮਿਲਿਆ। ਖੁਸ਼ੀ ਦੀ ਇਹ ਖ਼ਬਰ ਸਾਂਝੀ ਕਰਦੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਇਲਾਕੇ ਦੀ ਸਕਰੀਨਿੰਗ ਲਈ ਸਿਹਤ ਵਿਭਾਗ ਦੀਆਂ 42 ਟੀਮਾਂ ਨੇ ਤਿੰਨ ਦਿਨਾਂ ਵਿਚ ਕਾਂਗੜਾ ਕਾਲੋਨੀ, ਅਮਰਕੋਟ, ਸੁੰਦਰ ਨਗਰ, ਅੰਤਰਯਾਮੀ ਕਾਲੋਨੀ, ਗੋਲਡਨ ਐਵੀਨਿਊ ਆਦਿ ਦੇ 12401 ਘਰਾਂ ਦੀ ਜਾਂਚ ਕੀਤੀ।

ਇਸ ਦੌਰਾਨ ਇਸ ਇਲਾਕੇ ਵਿਚ ਰਹਿੰਦੇ 53865 ਵਿਅਕਤੀਆਂ ਦੀ ਸਿਹਤ ਦੀ ਜਾਂਚ ਟੀਮਾਂ ਨੇ ਕੀਤੀ, ਜਿੰਨਾ ਵਿਚੋਂ ਕੇਵਲ ਇਕ ਸ਼ੱਕੀ ਮਰੀਜ਼ ਮਿਲਿਆ ਸੀ, ਪਰ ਮੁੱਢਲੀ ਰਿਪੋਰਟ ਉਸਦੀ ਨੈਗੇਟਿਵ ਆਈ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਖਾਂਸੀ, ਜ਼ੁਕਾਮ ਦੇ 5 ਮਰੀਜ਼ ਮਿਲੇ ਹਨ, ਜਿੰਨਾ ਨੂੰ ਘਰ ਵਿਚ ਇਕਾਂਤਵਾਸ ਰਹਿਣ ਦੀ ਹਦਾਇਤ ਕੀਤੀ ਗਈ ਹੈ। ਸ੍ਰੀਮਤੀ ਕੋਮਲ ਮਿੱਤਲ ਨੇ ਇਸ ਸਰਵੈ ਲਈ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਸ਼ਹਿਰ ਦੇ ਸ਼ੱਕੀ ਇਲਾਕਿਆਂ ਦਾ ਸਰਵੈ ਵਧੀਆ ਆਉਣ ਨਾਲ ਚੰਗੀ ਉਮੀਦ ਜਾਗੀ ਹੈ ਅਤੇ ਆਸ ਹੈ ਕਿ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਛੇਤੀ ਹੀ ਇਸ ਸੰਕਟ ਵਿਚੋਂ ਬਾਹਰ ਆ ਜਾਵਾਂਗੇ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਰਸਾਈਆਂ ਗਈਆਂ ਸਾਵਧਾਨੀਆਂ ਦਾ ਪਾਲਣ ਕਰਨ ਅਤੇ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ। ਇਸ ਮੌਕੇ ਡਾਕਟਰ ਆਰ. ਐਸ. ਸੇਠੀ, ਡਾ. ਰਸ਼ਮੀ, ਕੋਵਿਡ 19 ਦੇ ਨੋਡਲ ਅਧਿਕਾਰੀ ਡਾ. ਮਦਨ ਮੋਹਨ ਅਤੇ ਹੋਰ ਡਾਕਟਰ ਵੀ ਹਾਜ਼ਰ ਸਨ।

Share This :

Leave a Reply