
ਅੰਮ੍ਰਿਤਸਰ (ਮੀਡੀਆ ਬਿਊਰੋ ) ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਿਹਾ ਹੈ ਕਿ ਕਰਫਿਊ ਦੌਰਾਨ ਰਾਜ ਵਿੱਚ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ, ਚਾਹੇ ਇਹ ਪਰਿਵਾਰ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਅਧੀਨ ਆਉਂਦੇ ਹੋਣ ਜਾਂ ਨਹੀਂ। ਆਪਣੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਦੀਆਂ ਬਾਹਰਲੀਆਂ ਵਾਰਡਾਂ ਲਈ 1000 ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੇ 5 ਟਰੱਕ ਰਵਾਨਾ ਕਰਨ ਮੌਕੇ ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਲੋੜਵੰਦ ਪਰਿਵਾਰ ਜਾਂ ਪਰਵਾਸੀ ਮਜ਼ਦੂਰਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ, ਜਿਨਾਂ ਦੀ ਪਾਲਣਾ ਕਰਦਿਆਂ ਰਾਸ਼ਨ ਵੰਡਿਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਨੀਲੇ ਕਾਰਡ ਧਾਰਕਾਂ ਨੂੰ ਇਕ ਵਾਰ ਰਾਸ਼ਨ ਦੀ ਵੰਡ ਕਰ ਦਿੱਤੀ ਗਈ ਹੈ ਅਤੇ ਆਉਂਦੇ ਦਿਨਾਂ ਵਿੱਚ ਇਨਾਂ ਕਾਰਡ ਧਾਰਕਾਂ ਨੂੰ ਦੂਜੀ ਵਾਰ ਰਾਸ਼ਨ ਦੀ ਵੰਡ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜਿਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੋਏ ਸਨ, ਉਨਾਂ ਨੂੰ ਦਿੱਕਤ ਸੀ, ਜਿਸ ਨੂੰ ਦੂਰ ਕੀਤਾ ਜਾ ਰਿਹਾ ਹੈ। ਮੁਸ਼ਕਲ ਦੀ ਇਸ ਘੜੀ ਦਾ ਰਲ ਮਿਲ ਕੇ ਸਾਹਮਣਾ ਕਰਨ ਦੀ ਅਪੀਲ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ, ਸਗੋਂ ਜਾਗਰੂਕਤਾ ਨਾਲ ਇਸ ਦਾ ਡਟ ਕੇ ਸਾਹਮਣਾ ਕਰੋ ਅਤੇ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਘਰਾਂ ਵਿਚ ਹੀ ਰਹੋ। ਇਸ ਮੌਕੇ ਸ੍ਰੀ ਵਿਕਾਸ ਸੋਨੀ, ਸ੍ਰੀ ਰਾਘਵ ਸੋਨੀ, ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਕੈਪਸ਼ਨ : ਅੰਮ੍ਰਿਤਸਰ ਕੇਂਦਰੀ ਹਲਕੇ ਦੀਆਂ ਬਾਹਰਲੀਆਂ ਵਾਰਡਾਂ ਲਈ ਰਾਸ਼ਨ ਦੇ 5 ਟਰੱਕ ਰਵਾਨਾ ਕਰਨ ਮੌਕੇ ਸ੍ਰੀ ਓ ਪੀ ਸੋਨੀ।