ਖੰਨਾ, (ਪਰਮਜੀਤ ਸਿੰਘ ਧੀਮਾਨ) : ਕੋਵਿਡ-19 ਦੇ ਚੱਲਦਿਆਂ ਸ਼ੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਪਾਲਣਾ ਕਰਦਿਆਂ ਅੱਜ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੀ ਅਹਿਮ ਤੇ ਆਨ ਲਾਈਨ ਮੀਟਿੰਗ ਪ੍ਰਧਾਨ ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿਚ ਹਰਿਦੁਆਰ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੂਰਤੀ ਤੋੜ ਕੇ ਨਦੀ ਵਿੱਚ ਸੁੱਟੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।
ਇਸ ਦੌਰਾਨ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣੀ ਹੈ ਉਸੇ ਸਮੇਂ ਤੋਂ ਹੀ ਦਲਿਤਾਂ ਦੇ ਧਾਰਮਿਕ ਸਥਾਨਾਂ ‘ਤੇ ਹਮਲੇ ਅਤੇ ਦਲਿਤ ਸਮਾਜ ‘ਤੇ ਅੱਤਿਆਚਾਰ ਵੱਧ ਗਏ ਹਨ। ਉਨ੍ਹਾਂ ਕੇਂਦਰ ਅੇ ਉਤਰਾਂਖੰਡ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਗਲਤ ਅਤੇ ਗੁੰਡੇ ਅਨਸਰਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਮੂਰਤੀ ਨੂੰ ਅਪਮਾਨਿਤ ਕੀਤਾ ਹੈ, ਨੂੰ ਤੁਰੰਤ ਗ੍ਰਿਫਤਾਰ ਕਰਕੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਤੁਰੰਤ ਦੋਸ਼ੀਆਂ ਖਿਲਾਫ਼ ਜਲਦ ਕਾਰਵਾਈ ਅਮਲ ਵਿਚ ਨਹੀਂ ਲਿਆਂਦਾ ਗਈ ਤਾਂ ਸਮੁੱਚਾ ਦਲਿਤ ਸਮਾਜ ਸੜਕਾਂ ‘ਤੇ ਉਤਰੇਗਾ।
ਇਸੇ ਤਰ੍ਹਾਂ ਮੀਟਿੰਗ ਵਿਚ ਨੋਇਡਾ ਦੀ ਇੱਕ ਫੈਕਟਰੀ ਵਿਚ ਤੰਬਾਕੂ ਦੇ ਡੱਬੇ ‘ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਫੋਟੋ ਛਾਪਣ ਦੀ ਵੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੋਂ ਅਜਿਹੇ ਫੈਕਟਰੀ ਮਾਲਕਾਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਕੇਸ ਦਰਜ ਕਰਕੇ ਜੇਲ• ਭੇਜੇ ਜਾਣ ਦੀ ਮੰਗ ਕੀਤੀ ਅਤੇ ਫੈਕਟਰੀ ਦਾ ਲਾਇਸੈਂਸ ਤੁਰੰਤ ਰੱਦ ਕਰਕੇ ਫੈਕਟਰੀ ਨੂੰ ਤਾਲਾ ਲਗਾਏ ਜਾਣ ਦੀ ਵੀ ਮੰਗ ਕੀਤੀ। ਇਸੇ ਤਰ੍ਹਾਂ ਕਿਰਤ ਕਾਨੂੰਨਾਂ ‘ਚ ਕੀਤੇ ਬਦਲਾਅ ਦਾ ਡੱਟ ਕੇ ਵਿਰੋਧ ਕੀਤਾ ਗਿਆ ਜਿਸ ਵਿਚ ਕੇਂਦਰ ਅਤੇ ਕਈ ਰਾਜ ਸਰਕਾਰਾਂ ਨੇ ਮਜ਼ਦੂਰਾਂ ਤੋਂ 8 ਘੰਟੇ ਦੀ ਬਿਜਾਏ 12 ਘੰਟੇ ਕੰਮ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਜਿਸ ਤਹਿਤ ਮਜ਼ਦੂਰ 4 ਘੰਟੇ ਵਾਧੂ ਲਾਉਣਗੇ ਅਤੇ ਉਨ੍ਹਾਂ ਨੂੰ ਓਵਰਟਾਈਮ ਵੀ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਿਰਫ ਅਤੇ ਸਿਰਫ ਉਦਯੋਗਪਤੀਆਂ ਦੇ ਹਿੱਤਾਂ ਦੀ ਪੂਰਤੀ ਕਰਦਾ ਹੋਇਆ ਮਜ਼ਦੂਰਾਂ ਦਾ ਸ਼ੋਸ਼ਣ ਕਰਦਾ ਹੈ, ਜਿਸ ਨੂੰ ਸਰਕਾਰ ਤੁਰੰਤ ਵਾਪਸ ਲਵੇ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਸਿਫ਼ਤੀ, ਕਾਰਜਕਾਰੀ ਪ੍ਰਧਾਨ ਪ੍ਰੇਮ ਸਿੰਘ ਬੰਗੜ, ਖ਼ਜ਼ਾਨਚੀ ਟੇਕ ਚੰਦ, ਸੁਰਿੰਦਰ ਸਿੰਘ ਗੋਹ, ਲੈਕਚਰਾਰ ਜੰਗ ਸਿੰਘ, ਸੁਪਰਡੈਂਟ ਗੁਰਨਾਮ ਸਿੰਘ, ਬੇਅੰਤ ਸਿੰਘ ਕੌੜੀ, ਮੇਜਰ ਸਿੰਘ, ਪ੍ਰਿੰਸੀਪਲ ਤਾਰਾ ਸਿੰਘ, ਕੈਪਟਨ ਸ਼ਿਵ ਸਿੰਘ, ਅਮਰੀਕ ਸਿੰਘ ਸੈਦਪੁਰਾ, ਖੁਸ਼ੀ ਰਾਮ ਚੌਹਾਨ ਅਤੇ ਹਰਦੀਪ ਸਿੰਘ ਨਸਰਾਲੀ ਆਦਿ ਮੈਂਬਰਾਂ ਨੇ ਆਨ ਲਾਇਨ ਮੀਟਿੰਗ ‘ਚ ਹਿੱਸਾ ਲਿਆ।