ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਸਮੀ ਤੌਰ ‘ਤੇ ਵਿਸ਼ਵ ਸਿਹਤ ਸੰਗਠਨ ਨਾਲੋਂ ਸਬੰਧ ਤੋੜਨ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਚੀਨ ਹਰ ਸਾਲ 4 ਕਰੋੜ ਡਾਲਰ ਦਿੰਦਾ ਹੈ ਤੇ ਉਸ ਦਾ ਵਿਸ਼ਵ ਸਿਹਤ ਸੰਗਠਨ ਉਪਰ ਮੁਕੰਮਲ ਨਿਯੰਤਰਣ ਹੈ ਜਦ ਕਿ ਅਮਰੀਕਾ ਪ੍ਰਤੀ ਸਾਲ 450 ਕਰੋੜ ਡਾਲਰ ਦਿੰਦਾ ਹੈ। ਉਨਾਂ ਕਿਹਾ ਕਿ ਉਸ ਦਾ ਪ੍ਰਸ਼ਾਸਨ ਵਿਸ਼ਵ ਸਿਹਤ ਸੰਗਠਨ ਵਿਚੋਂ ਬਾਹਰ ਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਹੌਂਗਕੌਂਗ ਦਾ ਵਿਸ਼ੇਸ਼ ਵਪਾਰ ਦਾ ਦਰਜਾ ਖਤਮ ਕਰ ਦਿੱਤਾ ਹੈ। ਇਹ ਦੋ ਅਜਿਹੇ ਨਿਰਨੇ ਹਨ ਜਿਨਾਂ ਨਾਲ ਚੀਨ ਤੇ ਅਮਰੀਕਾ ਵਿਚਾਲੇ ਟਕਰਾਅ ਹੋਰ ਡੂੰਘਾ ਹੋ ਜਾਣ ਦੀ ਸੰਭਾਵਨਾ ਹੈ।
ਟਰੰਪ ਨੇ ਕਿਹਾ ਕਿ ਹੌਂਗਕੌਂਗ ਅਮਰੀਕਾ ਦੇ ਵਿਸ਼ੇਸ਼ ਵਿਵਹਾਰ ਦਾ ਹੱਕ ਨਹੀਂ ਰਖਦਾ ਕਿਉਂਕਿ ਇਹ ਚੀਨ ਤੋਂ ਖੁਦਮੁਖਤਾਰ ਨਹੀ ਹੈ। ਟਰੰਪ ਨੇ ਕਿਹਾ ਕਿ ਉਹ ਹੌਂਗਕੌਂਗ ਵੱਲੋਂ ਹੁਣ ਤੱਕ ਮਾਣੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਖਤਮ ਕਰਨ ਦਾ ਆਦੇਸ਼ ਦੇਣਗੇ। ਇਨਾਂ ਸਹੂਲਤਾਂ ਵਿਚ ਬਰਾਮਦ ਕੰਟਰੋਲ, ਟੈਕਸਾਂ ਵਿਚ ਛੋਟ ਤੇ ਹੋਰ ਲਾਭ ਸ਼ਾਮਿਲ ਹਨ।
ਅਮਰੀਕਾ ਵਿੱਚ 1225 ਹੋਰ ਮੌਤਾਂ-
ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ 1225 ਹੋਰ ਅਮਰੀਕੀ ਕੋਰੋਨਾਵਾਇਰਸ ਦੀ ਭੇਟ ਚੜ ਗਏ ਹਨ ਜਿਨਾਂ ਨਾਲ ਮੌਤਾਂ ਦੀ ਕੁਲ ਗਿਣਤੀ 1,04,542 ਹੋ ਗਈ ਹੈ। ਕੋਰੋਨਾ ਪੀੜਤ ਨਵੇਂ ਮਰੀਜ਼ ਆਉਣ ਦਾ ਸਿਲਸਲਾ ਜਾਰੀ ਹੈ ਤੇ 25069 ਨਵੇਂ ਮਰੀਜ਼ ਹਸਪਤਾਲਾਂ ਵਿਚ ਦਾਖਲ ਹੋਏ ਹਨ। ਪੀੜਤਾਂ ਦੀ ਕੁਲ ਗਿਣਤੀ 17,93,530 ਹੋ ਗਈ ਹੈ। ਪਿਛਲੇ ਦਿਨ 20844 ਮਰੀਜ਼ ਠੀਕ ਹੋਏ ਹਨ। ਠੀਕ ਹੋਏ ਮਰੀਜ਼ਾਂ ਦੀ ਗਿਣਤੀ 5,19,569 ਹੋ ਗਈ ਹੈ। 6,24,111 ਮਾਮਲੇ ਬੰਦ ਕਰ ਦਿੱਤੇ ਹਨ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਪਹਿਲਾਂ ਵਾਂਗ ਹੀ 83% ਹੈ ਤੇ ਮੌਤ ਦਰ 17% ਹੈ।