ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 59000 ਤੋਂ ਪਾਰ, ਇਕ ਡਾਕਟਰ ਨੇ ਕੀਤੀ ਖੁਦਕੁੱਸ਼ੀ

ਰਾਸ਼ਟਰਪਤੀ ਟਰੰਪ ਨੇ ਮੀਟ ਪਲਾਂਟ ਖੋਲਣ ਦੇ ਦਿੱਤੇ ਆਦੇਸ਼

ਡਾਕਟਰ ਲੋਰਨਾ ਬਰੀਨ ਨਿਊਯਾਰਕ-ਪ੍ਰੈਸਬਾਈਟਰੇਅਨ ਐਲਨ ਹਸਪਤਾਲ ਵਿਚ ਐਮਰਜੈਂਸੀ ਵਿਭਾਗ ਵਿਚ ਮੈਡੀਕਲ ਡਾਇਰੈਕਟਰ ਸੀ।

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ 2200 ਤੋਂ ਵਧ ਮੌਤਾਂ ਹੋਈਆਂ ਹਨ। ਮੌਤਾਂ ਦੀ ਕੁਲ ਗਿਣਤੀ 59266 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 10,35,765 ਹੋ ਗਈ ਹੈ। ਤਕਰੀਬਨ 25000 ਨਵੇਂ ਮਰੀਜ਼ ਆਏ ਹਨ। ਹੁਣ ਤੱਕ 2,01, 504 ਕੇਸ ਬੰਦ ਕਰ ਦਿੱਤੇ ਗਏ ਹਨ। ਇਨਾਂ ਵਿਚੋਂ  71% ਮਰੀਜ਼ ਠੀਕ ਹੋਏ ਹਨ ਜਦ ਕਿ 29% ਮੌਤ ਦੇ ਮੂੰਹ ਵਿਚ ਜਾ ਪਏ ਹਨ। ਇਕੱਲੇ ਨਿਊਯਾਰਕ ਵਿਚ ਪਿਛਲੇ 24 ਘੰਟਿਆਂ ਦੌਰਾਨ 521 ਮੌਤਾਂ ਹੋਈਆਂ ਹਨ। ਨਿਊਯਾਰਕ ਵਿਚ ਮ੍ਰਿਤਕਾਂ ਦੀ ਗਿਣਤੀ 23144 ਹੋ ਗਈ ਹੈ। ਬਦਤਰ ਬਣੀ ਸਥਿੱਤੀ ਦੇ ਦਰਮਿਆਨ ਰਾਸ਼ਟਰਪਤੀ ਡੋਨਾਲਟ ਟਰੰਪ ਨੇ ਗਰੌਸਰੀ ਸਟੋਰਾਂ ਵਿਚ ਮੀਟ ਦੀ ਸਪਲਾਈ ਯਕੀਨੀ ਬਣਾਉਣ ਲਈ ਮੀਟ ਪਲਾਂਟ ਖੋਲਣ ਦੇ ਆਦੇਸ਼ ਦਿੱਤੇ ਹਨ।
ਮੀਟ ਪਲਾਂਟ ਖੋਲਣ ਦੇ ਆਦੇਸ਼:
ਰਾਸ਼ਟਰਪਤੀ ਟਰੰਪ ਨੇ ਮੀਟ ਦੀ ਪੈਦਾ ਹੋਈ ਥੁੜ ਨੂੰ ਵੇਖਦਿਆਂ ਹੋਇਆਂ ਕੋਰੋਨਾਵਾਇਰਸ ਦੇ ਫੈਲਣ ਦੀ ਚਿੰਤਾ ਦੇ ਬਾਵਜੂਦ ਬੀਫ਼, ਪੋਰਕ ਤੇ ਪੋਲਟਰੀ ਪ੍ਰਾਸੈਸਿੰਗ ਪਲਾਂਟ ਖੋਲਣ ਦੇ ਆਦੇਸ਼ ਦਿੱਤੇ ਹਨ। ਡਿਫੈਂਸ ਪ੍ਰੋਡੱਕਸ਼ਨ ਐਕਟ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ  ਜਾਰੀ ਆਦੇਸ਼ ਵਿਚ ਟਰੰਪ ਨੇ ਕਿਹਾ ਹੈ ਕਿ ਅਮਰੀਕਨਾਂ ਨੂੰ ਪ੍ਰੋਟੀਨ ਦੀ ਸਪਲਾਈ ਯਕੀਨੀ ਬਣਾਉਣ ਵਾਸਤੇ ਇਹ ਮਹੱਤਵਪੂਰਨ ਹੈ ਕਿ ਬੀਫ਼, ਪੋਰਕ ਤੇ ਪੋਲਟਰੀ (ਮੀਟ ਤੇ ਪੋਲਟਰੀ) ਦੀ ਫੂਡ ਸਪਲਾਈ ਚੇਨ ਵਿਚ ਨਿਰੰਤਰਤਾ ਬਣੀ ਰਹੇ। ਟਰੰਪ ਦੇ ਇਸ ਆਦਸ਼ ਦੇ ਅਲੋਚਕਾਂ ਨੇ ਕਿਹਾ ਹੈ ਕਿ ਕੁੱਝ ਪਲਾਂਟ ਇਸ ਕਰਕੇ ਬੰਦ ਕਰ ਦਿੱਤੇ ਸਨ ਕਿਉਂਕਿ ਉਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਕੋਰੋਨਾ ਹੋ ਗਿਆ ਸੀ। ਜਬਰਨ ਪਲਾਂਟ ਖੋਲਣ ਨਾਲ ਵਰਕਰਾਂ ਦੀ ਸੁਰੱਖਿਆ ਖਤਰੇ ਵਿਚ ਪੈ ਜਾਵੇਗੀ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮੁਲਾਜ਼ਮ ਜੋ ਨੌਕਰੀ ਦੌਰਾਨ ਕੋਰੋਨਾਵਾਇਰਸ ਦੇ ਸੰਪਰਕ ਵਿਚ ਆਏ ਸਨ, ਕਾਨੂੰਨੀ ਕਾਰਵਾਈ ਕਰਦੇ ਹਨ ਤਾਂ ਉਹ ਮੀਟ ਪਲਾਂਟਾਂ ਦੀ ਹਿਫ਼ਾਜਤ ਕਰਨਗੇ।
ਡਾਕਟਰ ਨੇ ਕੀਤੀ ਖੁਦਕੁੱਸ਼ੀ:
ਮੈਨਹਟਨ ਵਿਚ ਐਮਰਜੈਂਸੀ ਰੂਮ ਡਾਕਟਰ ਜਿਸ ਨੇ ਅਨੇਕਾਂ ਕੋਰੋਨਾਵਾਇਰਸ ਮਰੀਜ਼ਾਂ ਦਾ ਇਲਾਜ਼ ਕੀਤਾ, ਨੇ ਖੁਦਕੁੱਸ਼ੀ ਕਰ ਲਈ ਹੈ। ਪੁਲਿਸ ਅਨੁਸਾਰ ਡਾਕਟਰ ਲੋਰਨਾ ਬਰੀਨ (49)  ਨਿਊਯਾਰਕ-ਪ੍ਰੈਸਬਾਈਟਰੇਅਨ ਐਲਨ ਹਸਪਤਾਲ ਵਿਚ ਐਮਰਜੈਂਸੀ ਵਿਭਾਗ ਵਿਚ ਮੈਡੀਕਲ ਡਾਇਰੈਕਟਰ ਵਜੋਂ ਕੰਮ ਕਰਦੀ ਸੀ ਤੇ ਇਸ ਸਮੇ ਉਹ ਆਪਣੇ ਪਰਿਵਾਰ ਨਾਲ ਚਰਲੋਟੈਸਵਿਲੇ , ਵਰਜੀਨੀਆ ਵਿਚ ਰਹਿ ਰਹੀ ਸੀ। ਪੁਲਿਸ ਉਸ ਨੂੰ ਡਾਕਟਰੀ ਸਹਾਇਤਾ ਲਈ ਵਰਜੀਨੀਆ ਮੈਡੀਕਲ ਸੈਂਟਰ ਵਿਖੇ ਲੈ ਕੇ ਗਈ ਜਿਥੇ ਉਹ ਖੁਦ ਵੱਲੋਂ ਕੀਤੇ ਜ਼ਖਮਾਂ ਦੀ ਤਾਬ ਨਾ ਸਹਾਰਦੀ ਹੋਈ ਦਮ ਤੋੜ ਗਈ। ਬਰੀਨ ਦੇ ਪਿਤਾ ਡਾਕਟਰ ਫਿਲਿਪ ਨੇ ਦੱਸਿਆ ਕਿ ਮੇਰੀ ਬੇਟੀ ਮਰੀਜ਼ਾਂ ਦੀਆਂ ਮੌਤਾਂ ਦੇ ਭਿਆਨਕ ਦ੍ਰਿਸ਼ਾਂ ਬਾਰੇ ਦਸਦੀ ਸੀ ਜਿਸ ਤੋਂ ਉਹ ਪ੍ਰੇਸ਼ਾਨ ਸੀ। ਉਹ ਕੋਰੋਨਾਵਾਇਰਸ ਦੇ ਸੰਪਰਕ ਵਿਚ ਆਈ ਸੀ ਪਰੰਤੂ ਡੇਢ ਹਫਤੇ ਬਾਅਦ ਉਹ ਮੁੜ ਆਪਣੀ ਡਿਊਟੀ ‘ਤੇ ਚਲੀ ਗਈ ਸੀ। ਜਦੋਂ ਹਸਪਤਾਲ ਨੇ ਉਸ  ਨੂੰ ਘਰ ਭੇਜ ਦਿੱਤਾ ਤਾਂ ਉਹ ਇਥੇ ਸਾਡੇ ਕੋਲ ਵਰਜੀਨੀਆ ਆ ਗਈ ਸੀ।

Share This :

Leave a Reply