ਟਰੰਪ ਦੀ ਬਿਆਨਬਾਜੀ ਨੇ ਬਲਦੀ ਉਪਰ ਤੇਲ ਪਾਇਆ-ਜੋਅ ਬਿਡੇਨ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਮਿਨੀਏਪੋਲਿਸ ਵਿਚ ਪੁਲਿਸ ਹਿਰਾਸਤ ਵਿਚ ਜਾਰਜ ਫਲਾਇਡ ਨਾਮੀ ਕਾਲੇ ਵਿਅਕਤੀ ਦੀ ਹੋਈ ਮੌਤ ਉਪਰੰਤ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਪ੍ਰਦਰਸ਼ਨਾਂ, ਲੁੱਟਮਾਰ ਤੇ ਭੰਨਤੋੜ ਦਾ ਸਿਲਸਲਾ ਜਾਰੀ ਹੈ। ਸਖਤੀ ਦੇ ਬਾਵਜੂਦ ਭਾਰੀ ਗਿਣਤੀ ਵਿਚ ਲੋਕ ਵਾਈਟ ਹਾਊਸ ਨੇੜੇ ਇਕੱਠੇ ਹੋਏ ਤੇ ਉਨਾਂ ਨੇ ਪੁਲਿਸ ਅਤਿਆਚਾਰ ਵਿਰੁੱਧ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਸ਼ਾਂਤਮਈ ਲੋਕਾਂ ਉਪਰ ਗੋਲੀਆਂ ਚਲਾ ਰਹੀ ਹੈ। ਨਿਊਯਾਰਕ, ਐਟਲਾਂਟਾ, ਸ਼ਿਕਾਗੋ, ਮਿਆਮੀ , ਫੋਨਿਕਸ, ਲੂਇਸਵਿਲੇ , ਲਾਸਏਂਜਲਸ ਤੇ ਇੰਡੀਆਨਾਪੋਲਿਸ ਸਮੇਤ ਦੇਸ਼ ਦੇ ਹੋਰ ਸਥਾਨਾਂ ‘ਤੇ ਲੋਕਾਂ ਨੇ ਨਿਆਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ। ਲੰਘੀ ਰਾਤ ਸ਼ਿਕਾਗੋ ਪੁਲਿਸ ਨੇ 396 ਲੋਕਾਂ ਨੂੰ ਹਿਰਾਸਤ ਵਿਚ ਲਿਆ ਜਿਨਾਂ ਵਿਚ 146 ਨੂੰ ਲੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਸਥਾਨਾਂ ‘ਤੇ ਵੀ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲਏ ਜਾਣ ਦੀਆਂ ਰਿਪੋਰਟਾਂ ਹਨ। ਕਈ ਥਾਵਾਂ ‘ਤੇ ਪੁਲਿਸ ਤੇ ਵਿਖਾਵਾਕਾਰੀਆਂ ਵਿਚਾਲੇ ਝੜਪਾਂ ਵੀ ਹੋਈਆਂ। ਪੁਲਿਸ ਨੇ ਬੇਕਾਬੂ ਹੋਏ ਲੋਕਾਂ ਨੂੰ ਤਿਤਰ ਬਿਤਰ ਕਰਨ ਲਈ ਅਥਰੂ ਗੈਸ ਦੇ ਗੋਲੇ ਛੱਡੇ ਤੇ ਰੱਬੜ ਦੀਆਂ ਗੋਲੀਆਂ ਚਲਾਈਆਂ। ਡੈਟਰਾਇਟ ਵਿਚ ਹਾਲਾਂ ਕਿ ਪੁਲਿਸ ਮੁੱਖੀ ਜੇਮਜ ਕਰੈਗ ਨੇ ਐਲਾਨ ਕੀਤਾ ਸੀ ਕਿ ਉਹ ਗ੍ਰਿਫ਼ਤਰੀਆਂ ਨਹੀਂ ਕਰਨਾ ਚਹੁੰਦੇ ਪਰੰਤੂ ਜਦੋਂ ਪ੍ਰਦਰਸ਼ਨਕਾਰੀ ਕਰਫ਼ਿਊ ਦੀ ਉਲੰਘਣਾ ਕਰਕੇ ਡਾਊਨ ਟਾਊਨ ਡੈਟਰਾਇਟ ਪੁਲਿਸ ਹੈਡਕੁਆਰਟਰ ਨੇੜੇ ਇਕੱਠੇ ਹੋ ਗਏ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਉਨਾਂ ਉਪਰ ਪਾਣੀ ਦੀਆਂ ਬੁਛਾਰਾਂ ਮਾਰੀਆਂ ਤੇ ਮਿਰਚਾਂ ਦਾ ਛਿੜਕਾਅ ਕੀਤਾ। ਬਾਅਦ ਵਿਚ ਵਿਖਾਵਾਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਵਾਸ਼ਿੰਗਟਨ ਡੀ.ਸੀ ਵਿਚ ਹਾਲਾਂ ਕਿ ਪਹਿਲਾਂ ਦੀ ਤੁਲਨਾ ਵਿਚ ਸ਼ਾਂਤੀ ਨਜਰ ਆ ਰਹੀ ਹੈ ਪਰੰਤੂ ਭਾਰੀ ਗਿਣਤੀ ਵਿਚ ਲੋਕਾਂ ਵੱਲੋਂ ਪ੍ਰਦਰਸ਼ਨਾਂ ‘ਚ ਹਿੱਸਾ ਲਿਆ ਜਾ ਰਿਹਾ ਹੈ।
ਰਾਸ਼ਟਰਪਤੀ ਵੱਲੋਂ ਬਿਆਨਬਾਜ਼ੀ ਨੇ ਬਲਦੀ ‘ਤੇ ਤੇਲ ਪਾਇਆ-
ਨਵੰਬਰ ਵਿਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੋਣ ਮੈਦਾਨ ਵਿਚ ਨਿਤਰਨ ਵਾਲੇ ਡੈਮੋਕਰੈਟਿਕ ਉਮੀਦਾਵਰ ਜੋਅ ਬਿਡੇਨ ਨੇ ਦੇਸ਼ ਵਿਚ ਹੋ ਰਹੇ ਪ੍ਰਦਰਸ਼ਨਾਂ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੇ ਬਲਦੀ ਉਪਰ ਤੇਲ ਪਾਉਣ ਦਾ ਕੰਮ ਕੀਤਾ ਹੈ। ਉਨਾਂ ਕਿਹਾ ਕਿ ਟਰੰਪ ਨੇ ਆਪਣੇ ਟਵੀਟ ਵਿਚ ਜਿਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ, ਉਹ 1970 ਵਿਆਂ ਵਿਚ ਇਕ ਨਸਲਵਾਦੀ ਪੁਲਿਸ ਅਧਿਕਾਰੀ ਦੀ ਟਿਪਣੀ ਸੀ। ਟਰੰਪ ਨੇ ਟਵੀਟ ਵਿਚ ਕਿਹਾ ਸੀ ‘ ਜਦੋਂ ਲੁੱਟਮਾਰ ਸ਼ੁਰੂ ਹੁੰਦੀ ਹੈ ਤਾਂ ਗੋਲੀਬਾਰੀ ਸ਼ੁਰੂ ਹੁੰਦੀ ਹੈ।’ ਬਿਡੇਨ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਰਾਸ਼ਟਰਪਤੀ ਇਹੋ ਜਿਹੀ ਸ਼ਬਦਾਵਲੀ ਵਰਤ ਰਹੇ ਹਨ। ਉਨਾਂ ਕਿਹਾ ਕਿ ਰਾਸ਼ਟਰਪਤੀ ਨੂੰ ਸਾਡੀ ਸਾਰਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਨਾ ਕਿ ਕੇਵਲ ਉਨਾਂ ਲੋਕਾਂ ਦੀ ਜਿਨਾਂ ਨੇ ਉਸ ਨੂੰ ਵੋਟਾਂ ਪਾਈਆਂ ਹਨ।