ਮੌਤਾਂ ਦੀ ਰਫ਼ਤਾਰ ਘਟਣ ਨਾਲ ਆਸ ਦੀ ਕਿਰਨ ਨਜ਼ਰ ਆਈ
ਅਰਥ ਵਿਵਸਥਾ ਮੁੜ ਖੋਲਣ ਬਾਰੇ ਵਿਵਾਦ ।
ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 23644 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ ਵਿਚ ਵੀ ਨਿਰੰਤਰ ਵਾਧਾ ਹੋ ਰਿਹਾ ਹੈ। ਪੀੜਤਾਂ ਦੀ ਗਿਣਤੀ ਵਧਕੇ 587155 ਹੋ ਗਈ ਹੈ। 12772 ਵਿਅਕਤੀ ਗੰਭੀਰ ਹਨ ਜਾਂ ਅੱਤ ਗੰਭੀਰ ਹਾਲਤ ਵਿਚ ਹਨ। 36 ਹਜਾਰ ਤੋਂ ਵਧ ਕੋਰੋਨਾਪੀੜਤ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਇਸ ਦੌਰਾਨ ਨਿਊਯਾਰਕ ਜਿਥੇ ਕਿ ਦੇਸ਼ ਦੀਆਂ ਕੁਲ ਮੌਤਾਂ ਵਿਚੋਂ ਤਕਰੀਬਨ ਅੱਧੀਆਂ ਮੌਤਾਂ ਹੋਈਆਂ ਹਨ, ਦੇ ਗਵਰਨਰ ਐਂਡਰੀਊ ਕੋਮੋ ਨੇ ਐਲਾਨ ਕੀਤਾ ਹੈ ਕਿ ਮਾੜਾ ਸਮਾਂ ਖਤਮ ਹੋ ਗਿਆ ਹੈ ਪਰ ਇਸ ਦੇ ਨਾਲ ਹੀ ਉਨਾਂ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਉਪਰ ਜੋਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਮੌਤਾਂ ਦੀ ਗਿਣਤੀ ਘਟੀ ਹੈ ਤੇ ਜੇਕਰ ਇਹ ਹੀ ਰੁਝਾਨ ਜਾਰੀ ਰਹਿੰਦਾ ਹੈ ਤਾਂ ਅੱਤ ਮਾੜਾ ਸਮਾਂ ਛੇਤੀ ਖਤਮ ਹੋ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਅਰਥ ਵਿਵਸਥਾ ਜਿੰਨੀ ਛੇਤੀ ਸੰਭਵ ਹੋ ਸਕੇ ਖੋਲਣਾ ਚਹੁੰਦੇ ਹਨ। ਇਸ ਮਕਸਦ ਲਈ ਉਨਾਂ ਨੇ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਹੈ। ਬਟਲਰ ਯੁਨੀਵਰਸਿਟੀਜ਼ ਕਾਲਜ ਆਫ ਫਾਰਮੇਸੀ ਐਂਡ ਹੈਲਥ ਸਾਇੰਸ ਦੇ ਮਾਹਿਰ ਓਗਬੋਨਾਇਆ ਮੋਨੇਕਾ ਨੇ ਕਿਹਾ ਹੈ ਕਿ ਦੇਸ਼ ਨੂੰ ਖੋਲਣ ਲਈ ਪੜਾਅ-ਦਰ-ਪੜਾਅ ਪਹੁੰਚ ਅਪਣਾਉਣ ਦੀ ਲੋੜ ਹੈ।
ਨਰਸਿੰਗ ਕੇਂਦਰਾਂ ਵਿਚ ਸਥਿੱਤੀ ਮਾੜੀ- ਨਰਸਿੰਗ ਘਰਾਂ ਨੂੰ ਕੋਰੋਨਾਵਾਇਰਸ ਨੇ ਬਹੁਤ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਹਾਲਾਂ ਕਿ ਸੰਘੀ ਸਰਕਾਰ ਸਭ ਕੁਝ ਠੀਕ ਹੋਣ ਦੀਆਂ ਸੰਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੀ ਹੈ। 37 ਰਾਜਾਂ ਦੇ 2300 ਸਿਹਤ ਸੰਭਾਲ ਕੇਂਦਰਾਂ ਵਿਚ ਪੌਜ਼ਟਿਵ ਮਾਮਲੇ ਪਾਏ ਹਨ ਜਦ ਕਿ 3000 ਮੌਤਾਂ ਹੋ ਚੁੱਕੀਆਂ ਹਨ। ਮਾਰਚ ਦੇ ਆਖਿਰ ਵਿਚ ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ.ਡੀ.ਸੀ) ਨੇ ਇਕ ਰਿਪੋਰਟ ਵਿਚ ਕਿਹਾ ਸੀ ਕਿ 400 ਸਿਹਤ ਸੰਭਾਲ ਕੇਂਦਰਾਂ ਵਿਚ ਕੋਰੋਨਾਵਾਇਰਸ ਦੇ ਮਾਮਲੇ ਪੌਜ਼ਟਿਵ ਪਾਏ ਗਏ ਹਨ। ਸੀ.ਡੀ.ਸੀ ਅਨੁਸਾਰ ਦੇਸ਼ ਦੇ 15600 ਨਰਸਿੰਗ ਘਰਾਂ ਵਿਚ ਤਕਰੀਬਨ 13 ਲੱਖ ਲੋਕ ਰਹਿੰਦੇ ਹਨ। ਇਨਾਂ ਨਰਸਿੰਗ ਘਰਾਂ ਵਿਚ ਕੋਰੋਨਾਵਾਇਰਸ ਫੈਲਣ ਤੋਂ ਪਹਿਲਾਂ ਵੀ ਇਨਫੈਕਸ਼ਨ ਦੀ ਸਮੱਸਿਆ ਨਾਲ ਨਜਿੱਠਣਾ ਪਿਆ ਹੈ।
ਅਰਥਵਿਵਸਥਾ ਖੋਲਣ ਦੇ ਫੈਸਲੇ ਤੇ ਵਿਵਾਦ– ਅਰਥਵਿਵਸਥਾ ਰਾਸ਼ਟਰਪਤੀ ਟਰੰਪ ਖੋਲਣਗੇ ਜਾਂ ਰਾਜਾਂ ਦੇ ਗਵਰਨਰ, ਇਸ ਮੁੱਦੇ ਨੂੰ ਲੈ ਕੇ ਚਰਚਾ ਨੇ ਜੋਰ ਫੜ ਲਿਆ ਹੈ। ਵਾਈਟ ਹਾਊਸ ਵਿਖੇ ਪ੍ਰੈਸ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਕਾਨੂੰਨੀ ਮਾਹਿਰਾਂ ਦਾ ਵਿਚਾਰ ਹੈ ਕਿ ਪਾਬੰਦੀਆਂ ਹਟਾਉਣ ਦਾ ਹੁਕਮ ਰਾਜਾਂ ਦੇ ਗਵਰਨਰ ਹੀ ਜਾਰੀ ਕਰ ਸਕਦੇ ਹਨ ਜਿਨਾਂ ਨੇ ਇਨਾਂ ਨੂੰ ਲਾਗੂ ਕੀਤਾ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਰਾਸ਼ਟਰਪਤੀ ਮੁਕੰਮਲ ਅਥਾਰਿਟੀ ਹੁੰਦਾ ਹੈ ਫਿਰ ਵੀ ਉਹ ਗਵਰਨਰਾਂ ਨਾਲ ਮਿਲਕੇ ਇਸ ਸਬੰਧੀ ਫੈਸਲਾ ਲੈਣ
ਦੇ ਸਮਰਥ ਹਨ।