*25000 ਤੋਂ ਵਧ ਮਰੀਜ਼ ਹੋਏ ਠੀਕ * ਪਹਿਲਾਂ ਦੀ ਤੁਲਨਾ ਵਿਚ ਮੌਤਾਂ ਘੱਟ ਹੋਣ ਦਾ ਅਨੁਮਾਨ
* ਜੇਲਾਂ ਵਿਚ ਸਥਿੱਤੀ ਹੋਈ ਖਰਾਬ।
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਅਮਰੀਕਾ ਵਾਸਤੇ ਲੰਘਿਆ ਦਿਨ ਚੰਗੀ ਤੇ ਬੁਰੀ ਦੋਨਾਂ ਤਰਾਂ ਦੀਆਂ ਖ਼ਬਰਾਂ ਲੈ ਕੇ ਆਇਆ। ਯੁਨੀਵਰਸਿਟੀ ਆਫ ਵਾਸ਼ਿੰਗਟਨ ਦੇ ਸਿਹਤ ਖੋਜ਼ ਸੈਂਟਰ ਨੇ ਪਹਿਲਾਂ ਦੀ ਤੁਲਨਾ ਵਿਚ ਘਟ ਮੌਤਾਂ ਹੋਣ ਦਾ ਅਨੁਮਾਨ ਲਾਇਆ ਹੈ। ਯੁਨੀਵਰਸਿਟੀ ਦਾ ਅਨੁਮਾਨ ਹੈ ਕਿ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 60000 ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ ਜਦ ਕਿ ਪਹਿਲਾਂ ਇਕ ਲੱਖ ਤੋਂ ਦੋ ਲੱਖ ਦੇ ਦਰਮਿਆਨ ਮੌਤਾਂ ਹੋਣ ਦੀ ਗੱਲ ਕਹੀ ਜਾ ਰਹੀ ਸੀ । ਰਾਸ਼ਟਰਪਤੀ ਟਰੰਪ ਨੇ ਤਾਂ 2,40,000 ਮੌਤਾਂ ਹੋਣ ਦਾ ਅਨੁਮਾਨ ਲਾਇਆ ਸੀ। ਦੂਸਰੇ ਪਾਸੇ ਦੇਸ਼ ਵਿਚ ਮੌਤਾਂ ਦੀ ਗਿਣਤੀ 16000 ਹੋ ਗਈ ਹੈ ਜਦ ਕਿ 25000 ਮਰੀਜ਼ ਠੀਕ ਹੋਏ ਹਨ । ਜੌਹਨਜ ਹੋਪਕਿਨਜ਼ ਯੁਨੀਵਰਸਿਟੀ ਅਨੁਸਾਰ ਪੀੜਤ ਲੋਕਾਂ ਦੀ ਗਿਣਤੀ 4,62,000 ਹੈ। ਯੁਨੀਵਰਸਿਟੀ ਅਨੁਸਾਰ ਹਫ਼ਤਾ ਪਹਿਲਾਂ ਮੌਤਾਂ ਦੀ ਗਿਣਤੀ 6000 ਸੀ । ਇਸ ਉਪਰੰਤ ਮੌਤਾਂ ਹੋਣ ਦਾ ਸਿਲਸਲਾ ਤੇਜ ਹੋਇਆ ਤੇ ਪਿਛਲੇ ਦੋ ਦਿਨਾਂ ਦੌਰਾਨ ਪ੍ਰਤੀ ਦਿਨ ਤਕਰੀਬਨ 2000 ਮੌਤਾਂ ਹੋਈਆਂ ਹਨ।
ਨਿਊਯਾਰਕ : ਇਕੱਲੇ ਨਿਊਯਾਰਕ ਵਿਚ 7067 ਲੋਕ ਮੌਤ ਦੇ ਮੂੰਹ ਵਿਚ ਜਾ ਪਏ ਹਨ। ਹਾਲਾਂ ਕਿ ਰਾਜ ਦੇ ਗਵਰਨਰ ਐਂਡਰੀਊ ਕੋਮੋ ਨੇ ਕਿਹਾ ਹੈ ਕਿ ਹਸਪਤਾਲਾਂ ਵਿਚ ਨਵੇਂ ਮਰੀਜ਼ ਆਉਣ ਦੀ ਗਿਣਤੀ ਘਟੀ ਹੈ ਤੇ ਆਈ. ਸੀ.ਯੂ ਦਾਖਲ ਹੋਣ ਵਾਲਿਆਂ ਦੀ ਦਰ ਵੀ ਬਹੁਤ ਘਟ ਗਈ ਹੈ। ਗਵਰਨਰ ਅਨੁਸਾਰ ਸਥਿੱਤੀ ਵਿਚ ਮੋੜਾ ਆਉਣਾ ਸ਼ੁਰੂ ਹੋ ਗਿਆ ਹੈ ਹਾਲਾਂ ਕਿ ਲੰਘੇ ਬੁੱਧਵਾਰ 799 ਮੌਤਾਂ ਹੋਈਆਂ ਸਨ ਜਦ ਕਿ ਇਸ ਤੋਂ ਇਕ ਦਿਨ ਪਹਿਲਾਂ 779 ਮੌਤਾਂ ਹੋਈਆਂ ਸਨ। ਉਨਾਂ ਕਿਹਾ ਕਿ ਮੌਤਾਂ ਵਧਣ ਦਾ ਕਾਰਨ ਇਹ ਹੈ ਕਿ ਪਹਿਲਾਂ ਤੋਂ ਵਾਇਰਸ ਨਾਲ ਪੀੜਤ ਲੋਕ ਮਰ ਰਹੇ ਹਨ। ਇਸ ਦੇ ਨਾਲ ਹੀ ਗਵਰਨਰ ਨੇ ਚਿਤਾਵਨੀ ਦਿੱਤੀ ਹੈ ਕਿ ਸਮਾਜਿਕ ਦੂਰੀ ਤੇ ਕੇਵਲ ਜਰੂਰੀ ਕੰਮ ਵਰਗੇ ਕਦਮਾਂ ਉਪਰ ਸਖਤੀ ਨਾਲ ਚਲਣਾ ਪਵੇਗਾ ਤਾਂ ਜੋ ਇਸ ਵਾਇਰਸ ਦੇ ਦੂਸਰੇ ਤੇ ਤੀਸਰੇ ਹਮਲੇ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਹੁਣ ਤੱਕ ਸਾਡੀਆਂ ਕੋਸ਼ਿਸ਼ਾਂ ਕਾਰਗਰ ਸਾਬਤ ਹੋ ਰਹੀਆਂ ਹਨ। ਲੋਕ ਹਦਾਇਤਾਂ ਦਾ ਪਾਲਣਾ ਕਰ ਰਹੇ ਹਨ।
ਜੇਲਾਂ ਵਿਚ ਸਥਿੱਤੀ ਸੰਭਾਲਣੀ ਹੋਈ ਔਖੀ: ਦੇਸ਼ ਦੀਆਂ ਜੇਲਾਂ ਵਿਚ ਜੇਲ ਅਧਿਕਾਰੀਆਂ ਨੂੰ ਫੈਲ ਰਹੇ ਕੋਰੋਨਾਵਾਇਰਸ ਕਾਰਨ ਸਥਿੱਤੀ ਸੰਭਾਲਣੀ ਔਖੀ ਲੱਗ ਰਹੀ ਹੈ। ਵਾਇਰਸ ਫੈਲਣ ਤੋਂ ਰੋਕਣ ਲਈ ਛੋਟੋ- ਮੋਟੇ ਅਪਰਾਧੀ ਛੱਡ ਦਿੱਤੇ ਗਏ ਹਨ ਜਾਂ ਘਰਾਂ ਵਿਚ ਬੰਦ ਕਰ ਦਿੱਤੇ ਗਏ ਹਨ। ਕੈਦੀਆਂ ਦੇ ਸੱਕੇ ਸਬੰਧੀਆਂ ਦਾ ਜੇਲ ਆਉਣਾ ਰੋਕ ਦਿੱਤਾ ਗਿਆ ਹੈ ਤੇ ਪੀੜਤ ਕੈਦੀਆਂ ਲਈ ਵੱਖਰੇ ਵਾਰਡ ਬਣਾਏ ਗਏ ਹਨ। ਸ਼ਿਕਾਗੋ ਦੀ ਕੁੱਕ ਕਾਉਂਟੀ ਜੇਲ ਜੋ ਦੇਸ਼ ਦੀਆਂ ਵੱਡੀਆਂ ਜੇਲਾਂ ਵਿਚੋਂ ਇਕ ਹੈ, ਵਿਚ ਕੋਰੋਨਾ ਪੀੜਤ ਕੈਦੀਆਂ ਦੀ ਗਿਣਤੀ 251 ਹੈ ਜਿਨਾਂ ਵਿਚੋਂ ਲੰਘੇ ਦਿਨ ਇਕ ਕੈਦੀ ਦਮ ਤੋੜ ਗਿਆ। ਫੈਡਰਲ ਬਿਊਰੋ ਆਫ ਪ੍ਰਿਜਨਜ਼ ਵਿਚ 2 ਹਫਤੇ ਪਹਿਲਾਂ ਕੋਰੋਨਾਵਾਇਰਸ ਨਾਲ ਪਹਿਲਾ ਕੈਦੀ ਪੀੜਤ ਪਾਇਆ ਗਿਆ ਸੀ। ਹੁਣ ਇਥੇ 284 ਕੈਦੀ ਪੀੜਤ ਹਨ ਤੇ 8 ਕੈਦੀ ਦਮ ਤੋੜ ਚੁੱਕੇ ਹਨ। ਟੈਕਸਸ ਵਿਚ 169 ਬਿਮਾਰ ਕੈਦੀਆਂ ਨੂੰ ਅਲਹਿਦਾ ਕਰ ਦਿੱਤਾ ਗਿਆ ਹੈ।